ਅਨੰਤ ਜੀਵਨ

11/14

ਦਸਵਾਂ ਅਧਿਆਏ

ਪ੍ਰਮੇਸ਼ਵਰ ਦਾ ਗਿਆਨ

ਪ੍ਰਮੇਸ਼ਵਰ ਅਨੇਕਾਂ ਤਰੀਕੀਆਂ ਨਾਲ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਦਾ ਹੈ ਅਤੇ ਸਾਨੂੰ ਆਪਣੇ ਸੰਪਰਕ ਵਿੱਚ ਲਿਆਉਂਣਾ ਚਾਹੁੰਦਾ ਹੈ। ਕੁਦਰਤ ਨਿਰੰਤਰ ਤੌਰ ਤੇ ਸਾਡੀਆਂ ਗਿਆਨ ਇੰਦ੍ਰੀਆਂ ਨੂੰ ਸੁਨੇਹੇ ਦੇਂਦੀ ਰਹਿੰਦੀ ਹੈ ।ਪ੍ਰਮੇਸ਼ਵਰ ਦੇ ਹੱਥਾਂ ਦੀ ਕਾਰੀਗਰੀ ਅਤੇ ਉਸਦੀ ਮਹਿਮਾ ਉਸ ਲਈ ਖੁੱਲ੍ਹੇ ਹਿਰਦਿਆਂ ਨੂੰ ਪ੍ਰਭਾਵਿਤ ਕਰਦੀ ਹੈ। ਪ੍ਰਮੇਸ਼ਵਰ ਲਈ ਖੁੱਲ੍ਹੇ ਕੰਨ ਕੁਦਰਤ ਦੀਆਂ ਵਸਤੂਆਂ ਦੁਆਰਾ ਪ੍ਰਮੇਸ਼ਵਰ ਦੇ ਸੰਦੇਸ਼ਾ ਨੂੰ ਸੁਣ ਅਤੇ ਸਮਝ ਸਕਦੇ ਹਨ। ਹਰੇ ਹਰੇ ਖੇਤ, ਉੱਚੇ ਉੱਚੇ ਦਰਖਤ, ਫੁੱਲ ਅਤੇ ਕਲੀਆਂ , ਮਸਤ ਚਾਲ ਤੁਰਦੇ ਬੱਦਲ ,ਰਿਮਝਿਮ ਕਰਦੀ ਵਰਖਾ ,ਕਲ ਕਲ ਵਗਦੀ ਨਦੀ, ਆਕਾਸ਼ ਦੇ ਮਹਾਨ ਅਤੇ ਪ੍ਰਭਾਵ ਪੂਰਣ ਨਛੱਤਰ (ਚਿੰਨ, ਸੂਰਜ, ਤਾਰੇ)ਇਹ ਸਾਰੇ ਸਾਡੇ ਹਿਰਦਿਆ ਨਾਲ ਗੱਲਾ ਕਰਦੇ ਹਨ ਅਤੇ ਸਾਨੂੰ ਸੁਨੇਹਾ ਦੇਂਦੇ ਹਨ, “ਆਉ ਉਸ ਸਿਰਜਣਹਾਰ ਨੂੰ ਜਿਸਨੇ ਸਭ ਕੁਝ ਸਾਜਿਆ ਹੈ, ਉਸਨੂੰ ਪਛਾਣੀਏ । SC 101.1

ਸਾਡੇ ਪ੍ਰਾਣਦਾਤਾ ਨੇ ਆਪਣੇ ਬਹੁਮੁੱਲੇ ਪਾਠ ਦਾ ਗਿਆਨ ਕੁਦਰਤ ਦੀਆਂ ਵਸਤੂਆਂ ਨਾਲ ਸੰਬੰਧਿਤ ਕਰਕੇ ਸਾਨੂੰ ਸਮਝਾਇਆ ਸੀ ।ਪਰਬਤ ,ਘਾਟੀਆ ਅਤੇ ਸਰੋਵਰ ਦਰਖਤ,ਪੰਛੀ ਅਤੇ ਫੁੱਲ,ਸੋਹਣਾ ਸਜੀਲਾ ਆਕਾਸ਼ ਅਤੇ ਰੋਜ਼ਾਨਾਂ ਜੀਵਨ ਦੀਆਂ ਘਟਨਾਵਾਂ ਅਤੇ ਆਲਾ ਦੁਆਲਾ, ਸਭ ਸਚਾਈ ਦੇ ਬਚਨਾਂ ਨਾਲ ਜੁੜੇ ਹੋਏ ਸਨ ਤਾਂ ਕਿ ਉਸਦੀ (ਯਿਸੂ) ਸਿੱਖਿਆ ਤੇ ਗਿਆਨ ਕਠਿਨ ਅਤੇ ਰੁਝੇਵਿਆਂ ਭਰੇ ਜੀਵਨ ਵਿੱਚ ਵੀ ਮਨੁੱਖ ਨੂੰ ਯਾਦ ਰਹਿਣ। SC 101.2

ਪ੍ਰਮੇਸ਼ਵਰ ਚਾਹੁੰਦਾ ਹੈ ਉਸਦੇ ਬੱਚੇ ਉਸਦੇ ਕੰਮਾਂ ਦੀ ਸਰਾਹਨਾ ਕਰਨ ਅਤੇ ਅਤੇ ਜਿਸ ਸਾਧਾਰਣ ਸੁੰਦਰਤਾ ਨਾਲ ਉਸਨੇ ਸਾਡੀ ਧਰਤੀ ਨੂੰ ਸੁਸ਼ੌਭਿਤ ਕੀਤਾ ਹੈ ਉਸਦਾ ਅਨੰਦ ਮਾਨਣ। ਉਹ(ਪ੍ਰਮੇਸ਼ਵਰ) ਸੁੰਦਰਤਾ ਦਾ ਪ੍ਰੇਮੀ ਹੈ, ਪ੍ਰੰਤੂ ਬਾਹਰੀ ਸੁੰਦਰਤਾ ਤੋਂ ਵਧ ਕੇ ਉਹ ਚਰਿੱਤ੍ਰ ਦੀ ਖੁਬਸੂਰਤੀ ਦਾ ਪ੍ਰੇਮੀ ਹੈ: ਉਹ ਚਾਹੁੰਦਾ ਹੈ ਅਸੀਂ ਆਪਣੇ ਸਰਿੱਤਰ ਨੂੰ ਫੁੱਲਾਂ ਜਿਹੀ ਪਵਿੱਤਰ, ਕੋਮਲ, ਸਰਲ ਅਤੇ ਗੰਭੀਰ ਅਦਾ ਨਾਲ ਸ਼ਿੰਗਾਰੀਏ ਅਤੇ ਸਜਾਈਏ। SC 101.3

ਜੇਕਰ ਅਸੀ ਧਿਆਨ ਨਾਲ ਸੁਣੀਏ ਅਤੇ ਵਿਚਾਰੀਏ ਤਾਂ ਪ੍ਰਮੇਸ਼ਵਰ ਦੀ ਸਿਰਜਣਾਂ ਦੇ ਕੰਮ ਸਾਨੂੰ ਆਗਿਆ ਪਾਲਣ ਅਤੇ ਵਿਸ਼ਵਾਸ ਧਾਰਨ ਦੇ ਬਹੁਮੁੱਲੇ ਸਬਕ ਸਿਖਾਉਂਦੇ ਹਨ ।ਜੁਗਾਂ ਜੁਗਾਂਤਰਾਂ ਤੋਂ ਆਕਾਸ਼ ਵਿੱਚ ਆਪਣੇ ਪੰਥ ਤੇ ਚੱਲਣ ਵਾਲੇ ਅਣਗਿਣਤ ਤਾਰਿਆਂ ਤੋਂ ਲੈ ਕੇ ਪ੍ਰਿਥਵੀ ਦੇ ਪ੍ਰਮਾਣੂ ਅਤੇ ਕੁਦਰਤ ਦੀਆਂ ਸਭ ਅਦਭੁੱਤ ਵਸਤੂਆਂ ਜਿੰਨਾਂ ਦੀ ਕੋਈ ਸਾਰ ਨਹੀ ਜਾਣ ਸਕਦਾ, ਸਭ ਸਿਰਜਣਹਾਰ ਕਰਤਾਰ ਦੇ ਹੁਕਮ ਵਿੱਚ ਚੱਲ ਰਹੇ ਹਨ ਅਤੇ ਪ੍ਰਮੇਸ਼ਵਰ ਹਰ ਜੀਵ ਅਤੇ ਵਸਤੂ ਜੋ ਉਸਨੇ ਪੈਦਾ ਕੀਤੇ ਹਨ ਉਨ੍ਹਾਂ ਦਾ ਪਾਲਣ ਪੌਸ਼ਣ ਅਤੇ ਰੱਖਿਆ ਕਰਦਾ ਹੈ ।ਜੋ ਪ੍ਰਮੇਸ਼ਵਰ ਅਣਗਿਣਤ ਅਤੇ ਅਸੰਖਾਂ ਖੰਡਾਂ ਅਤੇ ਬ੍ਰਹਿਮੰਡਾਂ ਨੂੰ ਸੰਭਾਲਦਾ ਹੈ, ਉਹ ਉਸ ਛੋਟੀ ਜਿਹੀ ਭੂਰੀ ਚਿੜੀ ਦਾ ਵੀ ਧਿਆਨ ਰੱਖਦਾ ਹੈ ਜੋ ਨਿਰਭੈ ਹੋ ਕੇ ਆਪਣੇ ਮਾਸੂਮ ਗੀਤ ਗਾਉਂਦੀ ਰਹਿੰਦੀ ਹੈ। ਜਦੋਂ ਮਨੁੱਖ ਆਪਣੇ ਰੋਜ਼ਾਨਾ ਮਿਹਨਤ ਮੁਸ਼ਕਤ ਦੇ ਕੰਮਾਂ ਲਈ ਨਿਕਲਦੇ ਹਨ, ਅਰਦਾਸਾਂ ਵਿੱਚ ਲੀਨ ਹੁੰਦੇ ਹਨ, ਜਦੋਂ ਰਾਤੀ ਸੌਣ ਲਈ ਲੰਮੇ ਪੈਦੇ ਹਨ ਅਤੇ ਜਦੋਂ ਸਵੇਰੇ ਸੌਂ ਕੇ ਉੱਠਦੇ ਹਨ,ਜਦੋਂ ਧੰਨਵਾਨ ਮਨੁੱਖ ਆਪਣੇ ਮਹਿਲਾਂ ਵਿੱਚ ਪਰੀਤੀ ਭੋਜਨ ਦਾ ਆਨੰਦ ਮਾਣਦਾ ਹੈ,ਜਦੋਂ ਗਰੀਬ ਮਨੁੱਖ ਆਪਣੇ ਬੱਚਿਆਂ ਨੂੰ ਇੱਕਠਿਆ ਕਰਕੇ ਰੁੱਖੀ ਸੁੱਕੀ ਰੋਟੀ ਵੰਡਦਾ ਹੈ ਤਾਂ ਸਵਰਗੀ ਪਿਤਾ ਪ੍ਰਮੇਸ਼ਵਰ ਹਰ ਇੱਕ ਨੂੰ ਕੋਮਲ ਦ੍ਰਿਸ਼ਟੀ ਨਾਲ ਦੇਖਦਾ ਹੈ। ਕੋਈ ਵੀ ਕਿਰਦਾ ਹੰਝੂ ਐਸਾ ਨਹੀਂ ਜੋ ਪ੍ਰਮੇਸ਼ਵਰ ਨੂੰ ਨਜ਼ਰ ਨਾ ਆਏ ।ਕੋਈ ਵੀ ਐਸੀ ਮੁਸਕਰਾਹਟ ਨਹੀਂ ਜਿਸ ਵੱਲ ਪ੍ਰਮੇਸ਼ਵਰ ਦਾ ਧਿਆਨ ਨਹੀਂ ਜਾਂਦਾ। SC 102.1

ਜੇਕਰ ਅਸੀ ਪੂਰਣ ਤੌਰ ਤੇ ਇਨ੍ਹਾਂ ਗੱਲਾਂ ਦੀ ਪ੍ਰਤੀਤ ਕਰ ਲਈਏ ਤਾਂ ਸਾਰੀਆਂ ਵਿਅਰੱਥ ਚਿੰਤਾਵਾਂ ਮਿਟ ਜਾਣ।ਸਾਡਾ ਜੀਵਨ ਕਦੀ ਵੀ ਨਿਰਾਸ਼ਤਾ ਅਤੇ ਉਦਾਸੀ ਭਰਪੂਰ ਨਾ ਹੋਵੇ ਜਿਵੇਂ ਹੁਣ ਹੈ,ਜੇਕਰ ਅਸੀਂ ਹਰ ਗੱਲ ਵੱਡੀ ਜਾਂ ਛੋਟੀ ਹਰ ਚਿੰਤਾ ਪ੍ਰਮੇਸ਼ਵਰ ਦੇ ਹੱਥ ਸੌਪ ਦੇਈਏ ਜੋ ਕਿ ਅਸੰਖਾ ਚਿੰਤਾਵਾਂ ਨਾਲ ਵੀ ਕਦੀ ਚਿੰਤਾਤੁਰ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਦੇ ਭਾਰ ਨਾਲ ਘਬਰਾਉਂਦਾ ਹੈ ਅਤੇ ਫਿਰ ਸਾਨੂੰ ਉਹ ਆਤਮਿਕ ਸੁੱਖ ਸੰਤੋਖ ਪ੍ਰਾਪਤ ਹੋ ਸਕਦਾ ਹੈ ਜਿਸ ਲਈ ਲੋਕ ਜੁਗਾਂ ਤੋਂ ਸਹਿਕ ਰਹੇ ਹਨ। SC 103.1

ਜੇਕਰ ਤੁਹਾਡੀਆਂ ਗਿਆਨ ਇੰਦ੍ਰੀਆਂ ਇਸ ਪ੍ਰਿਥਵੀ ਦੀ ਲੁਭਾਉਂਣ ਵਾਲੀ ਸੁੰਦਰਤਾ ਤੇ ਐਸੀਆਂ ਮੁਗਧ ਹੋ ਜਾਂਦੀਆਂ ਹਨ ਤਾਂ ਜ਼ਰਾ ਆਉਣ ਵਾਲੇ ਸੰਸਾਰ ਦਾ ਵਿਚਾਰ ਕਰ ਕੇ ਦੇਖੋ ਜਿਸ ਵਿੱਚ ਪਾਪ ਅਤੇ ਮੌਤ ਦਾ ਨਾਂ ਮਾਤਰ ਵੀ ਨਹੀ ਹੋਵੇਗਾ,ਜਿੱਥੇ ਕੁਦਰਤ ਦੇ ਹਸੀਨ ਮੁੱਖੜੇ ਤੇ ਸ਼ਰਾਪ ਦਾ ਕੋਈ ਪਰਛਾਵਾ ਨਹੀ ਹੋਵੇਗਾ ।ਜ਼ਰਾ ਆਪਣੀ ਸੋਚ-ਕਲਪਣਾ ਵਿੱਚ ਜੀਵਨ ਮੁੱਕਤੀ ਪਾਉਂਣ ਵਾਲਿਆਂ ਦੇ ਘਰਾਂ ਦਾ ਚਿੱਤਰ ਬਣਾਉ ਅਤੇ ਯਾਦ ਰੱਖੋ ਉਹ ਤੁਹਾਡੀ ਕਲਪਣਾ ਦੀ ਅਤਿ ਮਨੋਹਰ ਝਾਕੀ ਨਾਲੋਂ ਵੀ ਜ਼ਿਆਦਾ ਮਹਿਮਾ ਭਰਪੂਰ ਹੋਵੇਗਾ। ਕੁਦਰਤ ਵਿੱਚ ਪ੍ਰਮੇਸ਼ਵਰ ਦੇ ਜੋ ਭਿੰਨ ਭਿੰਨ ਵਰਦਾਨਾਂ ਦੀ ਮਹਿਮਾਂ ਅਸੀ ਦੇਖਦੇ ਹਾਂ ਉਹ ਕੇਵਲ ਇੱਕ ਫਿੱਕੀ ਜਿਹੀ ਜੋਤ ਵਾਂਗ(ਪਾਪ ਦੇ ਕਾਰਣ) ਹੀ ਨਜ਼ਰ ਆਉਂਦੀ ਹੈ। ਬਾਈਬਲ ਵਿੱਚ ਇਹ ਲਿਖਿਆ ਹੈ, ” ਜੋ ਅੱਖਾਂ ਨੇ ਨਹੀ ਦੇਖਿਆ, ਕੰਨਾਂ ਨੇ ਨਹੀਂ ਸੁਣਿਆ ਅਤੇ ਜੋ ਗੱਲਾਂ ਕਦੀ ਮਨੁੱਖ ਦੇ ਚਿੱਤ ਵਿੱਚ ਵੀ ਨਹੀਂ ਆ ਸਕਦੀਆਂ, ਉਹੋ ਪ੍ਰਮੇਸ਼ਵਰ ਨੇ ਆਪਣੇ ਪਿਆਰ ਕਰਣ ਵਾਲਿਆ ਲਈ ਤਿਆਰ ਕੀਤੀਆ ਹਨ। ” (1 Corinthians) ਕੁਰੰਥੀਆਂ 2:9 । SC 103.2

ਕਵੀਆਂ ਅਤੇ ਪ੍ਰਕਿਤੀ ਦੇ ਗਿਆਨੀਆਂ ਨੇ ਪ੍ਰਕਿਤੀ ਬਾਰੇ ਅਨੇਕਾਂ ਪ੍ਰਸੰਗ ਲਿਖੇ ਹਨ, ਪ੍ਰੰਤੂ ਮਸੀਹ ਇਸ ਧਰਤੀ ਦੀ ਸੁੰਦਰਤਾ ਦਾ ਰਸ ਪ੍ਰਭੂ ਦੀ ਵਡਿਆਈ ਤੇ ਪ੍ਰਸ਼ੰਸਾ ਕਰਕੇ ਮਾਣਦਾ ਹੈ, ਕਿਉਂਕਿ ਉਹ ਆਪਣੇ ਪਿਤਾ ਪ੍ਰਮੇਸ਼ਵਰ ਦੇ ਹੱਥਾਂ ਦੀ ਕਾਰੀਗਰੀ ਨੂੰ ਪਹਿਚਾਣਦਾ ਹੈ ਅਤੇ ਉਸਦੇ ਆਪਾਰ ਪ੍ਰੇਮ ਨੂੰ ਫੁੱਲਾਂ ਅਤੇ ਦਰਖਤਾਂ ਵਿੱਚੋਂ ਨਿਹਾਰਦਾ ਹੈ। ਜੋ ਮਨੁੱਖ ਪਰਬਤ,ਘਾਟੀ,ਨਦੀ ਅਤੇ ਸਮੁੰਦਰ ਨੂੰ ਮਨੁੱਖਾ ਪ੍ਰਤੀ ਪ੍ਰਮੇਸ਼ਵਰ ਦੇ ਅਸੀਮ ਪਿਆਰ ਦਾ ਪ੍ਰਗਟਾਵਾ ਨਹੀਂ ਮੰਨਦਾ, ਉਹ ਕਦੀ ਵੀ ਕੁਦਰਤ ਦੇ ਇਨ੍ਹਾਂ ਅਦਭੁੱਤ ਵਰਦਾਨਾਂ ਦੀ ਮਹੱਤਤਾ ਨੂੰ ਪੂਰਣ ਤੌਰ ਤੇ ਅਨੁਭਵ ਨਹੀਂ ਕਰ ਸਕਦਾ ਅਤੇ ਨਾ ਹੀ ਇਨ੍ਹਾਂ ਦੀ ਪ੍ਰਸ਼ੰਸਾ ਕਰ ਸਕਦਾ ਹੈ। SC 103.3

ਪ੍ਰਮੇਸ਼ਵਰ ਸਾਡੇ ਨਾਲ ਆਪਣੇ ਦੈਵੀ ਕਾਰਜਾਂ ਅਤੇ ਆਪਣੀ ਆਤਮਾ ਦੀ ਸ਼ਕਤੀ ਦੇ ਪ੍ਰਭਾਵ ਨਾਲ ਬੋਲਦਾ ਹੈ ।ਆਪਣੀਆਂ ਪ੍ਰਿਸਥਿਆਂ ਅਤੇ ਵਾਤਾਵਰਣ ਵਿੱਚ ਅਤੇ ਆਪਣੇ ਆਲੇ ਦੁਆਲੇ ਦਿਨ ਪ੍ਰਤੀ ਦਿਨ ਤਬਦੀਲੀਆਂ ਨਾਲ ਅਸੀ ਬਹੁਮੁੱਲੇ ਸ਼ਬਦ ਸਿੱਖ ਸਕਦੇ ਹਾਂ ਜੇ ਸਾਡੇ ਹਿਰਦੇ ਨਿਰਣਾਂ ਕਰਨ ਲਈ ਖੁੱਲ੍ਹੇ ਹੋਣ। ਭਜਨ ਬਣਾਉਂਣ ਵਾਲਾ ਪ੍ਰਮੇਸ਼ਵਰ ਦੀ ਲੀਲਾ ਬਾਰੇ ਕਹਿੰਦਾ ਹੈ, “ਯਹੋਵਾਹ ਇਨ੍ਹਾਂ ਗੱਲਾਂ ਨੂੰ ਮੰਨੇਗਾ ਅਤੇ ਯਹੋਵਾਹ ਦੀ ਦਯਾ ਤੇ ਧਿਆਨ ਲਾਵੇਗਾ।” (Psalms) ਜ਼ਬੂਰਾਂ ਦੀ ਪੋਥੀ 33:5,107:43 । SC 104.1

ਪ੍ਰਮੇਸ਼ਵਰ ਸਾਡੇ ਨਾਲ ਆਪਣੇ * ਬਚਨ ਦੁਆਰਾ ਗੱਲ ਕਰਦਾ ਹੈ ।ਏਥੇ ਉਸਦੇ ਚਰਿੱਤਰ ਦੇ ਪ੍ਰਕਾਸ਼ ਦਾ ਪ੍ਰਤੱਖ ਗਿਆਨ ਮਨੁੱਖਾ ਨਾਲ ਉਸਦੇ ਵਰਤਾਰੇ ਦਾ ਵਰਣਨ ਅਤੇ ਮਨੁੱਖਾ ਦੇ ਉੱਧਾਰ ਦੇ ਵਿਸ਼ਾਲ ਕਾਰਜ ਦਾ ਪਤਾ ਲੱਗਦਾ ਹੈ। ਇੱਥੋਂ ਹੀ ਸਾਨੂੰ ਸਾਡੇ ਪ੍ਰਾਚੀਨ ਪਿਤਾ ਪਿਤਾਮ ਨਬੀਆਂ ਅਤੇ ਮਹਾਂਪੁਰਖਾਂ ਦੇ ਇਤਿਹਾਸ ਦਾ ਪਤਾ ਲਗਦਾ ਹੈ ਉਹ ਵੀ, “ਸਾਡੇ ਸਮਾਨ ਹੀ ਦੁੱਖ ਸੁੱਖ ਭੋਗੀ ਮਨੁੱਖ ਸਨ। ” (James) ਯਾਕੂਬ 5:17 ।ਅਸੀਂ ਦੇਖਦੇ ਹਾਂ ਕਿਵੇਂ ਉਹ ਵੀ ਸਾਡੀ ਤਰ੍ਹਾਂ ਹੀ ਨਿਰਾਸ਼ਾ ਵਿੱਚ ਵੀ ਸੰਘਰਸ਼ ਕਰਦੇ ਰਹੇ, ਕਿਵੇਂ ਉਹ ਸਾਡੀ ਤਰ੍ਹਾਂ ਕਠਿਨ ਪ੍ਰੀਖਿਆ ਵਿੱਚੋਂ ਲੰਘੇ ਪਰ ਫਿਰ ਵੀ ਹੌਸਲਾ ਕਰਕੇ ਉੱਠੇ ਅਤੇ ਪ੍ਰਮੇਸ਼ਵਰ ਦੀ ਮਿਹਰ ਬਖਸ਼ਿਸ਼ ਨਾਲ ਭਰੋਸਾ ਰੱਖ ਕੇ ਵਿਜੈ ਪਾਈ। ਅਤੇ ਉਨ੍ਹਾਂ ਦੀ ਸਫਲਤਾ ਨੂੰ ਦੇਖ ਕੇ ਸਾਨੂੰ ਵੀ ਧਾਰਮਿਕਤਾ ਦੇ ਸੰਗਰਾਮ ਵਿੱਚ ਉਤਸ਼ਾਹ ਮਿਲਦਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਉਨ੍ਹਾਂ ਦੇ ਅਨਮੋਲ ਤਜ਼ਰਬਿਆਂ ਅਤੇ ਘਾਲਾਂ ਨਾਲ ਜੋ ਪ੍ਰੇਮ ਦੀ ਰੌਸ਼ਨੀ ਅਤੇ ਵਰਦਾਨ ਉਨ੍ਹਾਂ ਨੂੰ ਬਖਸ਼ਿਸ਼ ਵਿੱਚ ਮਿਲੇ ਅਤੇ ਮਿਹਰ ਦੀ ਇਸ ਬਖਸ਼ਿਸ਼ ਨਾਲ ਉਨ੍ਹਾਂ ਨੇ ਕਿੰਨੇ ਕਲਿਆਣਕਾਰੀ ਕਾਰਜ ਕੀਤੇ ਅਤੇ ਜਿਸ ਰੱਬੀ ਸ਼ਕਤੀ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਉਹੋ ਸ਼ਕਤੀ ਸਾਡੇ ਅੰਦਰ ਵੀ ਉਤਸ਼ਾਹ ਦੀ ਇੱਕ ਪਵਿੱਤਰ ਜੋਤ ਜਗਾਉਂਦੀ ਹੈ ਅਤੇ ਇੱਕ ਉਮੰਗ ਪੈਦਾ ਕਰਦੀ ਹੈ ਕਿ ਉਨ੍ਹਾਂ ਵਾਂਗ ਹੀ ਸਾਡਾ ਚਰਿੱਤਰ ਵੀ ਹੋਵੇ- ਉਨ੍ਹਾਂ ਵਾਂਗ ਹੀ ਪ੍ਰਮੇਸ਼ਵਰ ਦੇ ਨਾਲ ਨਾਲ ਕਦਮ ਮਿਲਾ ਕੇ ਚੱਲਣ ਵਾਲਾ ਚਰਿੱਤਰ । SC 104.2

ਯਿਸੂ ਮਸੀਹ ਨੇ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਦੀ ਬਾਣੀ ਵਿੱਚ ਜੋ ਗੱਲਾਂ ਕਹੀਆਂ ਹਨ ਉਹ ਨਵੇਂ ਨੇਮ ਦੇ ਅਨੁਸਾਰ ਬਿਲਕੁਲ ਸੱਚੀਆਂ ਹਨ । “ਇਹ ਉਹੋ ਗੱਲਾਂ ਹਨ ਜੋ ਮੇਰੀ ਗਵਾਹ ਦੇਂਦੀਆ ਹਨ ” ਮੁਕਤੀ ਦਾਤਾ, ਜਿਸ ਉੱਪਰ ਸਾਡੀ ਅਨੰਤ ਜੀਵਨ ਦੀ ਆਸ਼ਾ ਕੇਂਦ੍ਰਿਤ ਹੈ। (John) ਯੂਹੰਨਾਂ 5:39 । ਹਾਂ, ਸਾਰੀ ਬਾਈਬਲ ਯਿਸੂ ਦਾ ਵਰਣਨ ਕਰਦੀ ਹੈ। ਉਤਪਤ ਦੇ ਪ੍ਰਥਮ ਉਲੇਖ ਤੋਂ ਲੈ ਕੇ , ” ਜੋ ਕੁਝ ਵੀ ਉਤਪੰਨ ਹੋਇਆ, ਉਸ ਵਿੱਚੋਂ ਕੋਈ ਚੀਜ਼ ਵੀ ਉਸਤੋਂ (ਯਿਸੂ) ਬਿਨਾਂ ਉਤਪੰਨ ਨਾ ਹੋਈ ” ਅੰਤਿਮ ਬਚਨ ਤੱਕ, “ਦੇਖੋ, ਮੈਂ ਸ਼ੀਘਰ ਹੀ ਆਉਂਣ ਵਾਲਾ ਹਾਂ ” (John) 1:3 ਯੂਹੰਨਾਂ (Revelation) ਪ੍ਰਕਾਸ਼ ਦੀ ਪੋਥੀ 22:12 । ਸਾਰੀ ਬਾਈਬਲ ਵਿੱਚ ਅਸੀਂ ਉਸਦੇ ਕੰਮ ਦਾ ਵਰਣਨ ਪੜ੍ਹਦੇ ਹਾਂ ਅਤੇ ਉਸ ਦੀ ਬਾਣੀ ਨੂੰ ਸੁਣਦੇ ਹਾ਼ ਜੇ ਤੁਸੀਂ ਯਿਸੂ ਮਸੀਹ ਨੂੰ ਪਛਾਣ ਗਏ ਹੋਂ ਤਾਂ ਪਵਿੱਤਰ ਸ਼ਾਸ਼ਤਰ ਦੀ ਬਾਣੀ ਨੂੰ ਪੜ੍ਹੋ ਅਤੇ ਮੰਨੋ। SC 105.1

ਆਪਣੇ ਹਿਰਦੇ ਨੂੰ ਪ੍ਰਮੇਸ਼ਵਰ ਦੇ ਬਚਨਾਂ ਨਾਲ ਭਰਪੂਰ ਕਰ ਦਿਉ ।ਪ੍ਰਮੇਸ਼ਵਰ ਦੇ ਬਚਨ ਜੀਵਨ ਦਾ ਅੰਮ੍ਰਿਤ ਹਨ, ਜੋ ਤੁਹਾਡੇ ਹਿਰਦੇ ਦੀ ਤੱਪਦੀ ਪਿਆਸ ਮਿਟਾਉਂਦੇ ਹਨ। ਇਹ ਸਵਰਗਾਂ ਵੱਲੋਂ ਜੀਵਨ ਦੀ ਰੋਟੀ ਹੈ। ਯਿਸੂ ਮਸੀਹ ਨੇ ਐਲਾਨ ਕੀਤਾ ਹੈ, “ਜਦ ਤੱਕ ਤੁਸੀਂ * ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਉ ਅਤੇ ਉਸਦਾ ਲਹੂ ਨਾ ਪੀਵੋ। ਤੁਹਾਡੇ ਵਿੱਚ ਜੀਵਨ ਨਹੀਂ।” ਅਰਥਾਤ ਯਿਸੂ ਮਸੀਹ ਦਾ ਮਾਸ ਅਤੇ ਲਹੂ ਜੋ ਤੁਹਾਡੇ ਲਈ ਕੁਰਬਾਨ ਹੋਇਆ ਤੁਹਾਨੂੰ ਜੀਵਨ ਦਾਨ ਦੇਂਦਾ ਹੈ ਅਤੇ ਉਸਨੇ ਆਪਣੀ ਵਿਆਖਿਆ ਇਹ ਕਹਿ ਕੇ ਕੀਤੀ, “ਜੋ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਹ ਸ਼ਕਤੀ ਹਨ ਅਤੇ ਜੀਵਨ ਹਨ । ” (John) ਯੂਹੰਨਾਂ 6:53,63 । ਜੋ ਅਸੀ ਖਾਂਦੇ ਅਤੇ ਪੀਂਦੇ ਹਾਂ, ਉਸਦੇ ਨਾਲ ਸਾਡਾ ਸਰੀਰ ਬਣਦਾ ਹੈ । ਸੋ ਜਿਵੇਂ ਇਹ ਸੁਭਾਵਕ ਅਸੂਲ ਸਰੀਰ ਲਈ ਹੈ ਆਤਮਾ ਲਈ ਵੀ ਹੈ: ਅਰਥਾਤ ਜਿਸ ਵਸਤੂ ਦੀ ਅਸੀਂ ਅਰਾਧਨਾ ਕਰਾਂਗੇ , ਜਿਸ ਨਾਲ ਲਿਵ ਜੋੜਾਂਗੇ ਉਹ ਸਾਡੀ ਆਤਮਿਕ ਪ੍ਰਕਿਤੀ ਨੂੰ ਸੁਰ ਕਰਕੇ ਸ਼ਕਤੀਸ਼ਾਲੀ ਬਣਾਏਗੀ। ਪ੍ਰਮੇਸ਼ਵਰ ਦੀ ਲਿਵ ਸਾਨੂੰ ਪ੍ਰਮੇਸ਼ਵਰ ਵਿੱਚ ਲੀਨ ਕਰੇਗੀ । SC 105.2

ਮੁਕਤੀ ਇੱਕ ਐਸਾ ਦਿਲਚਸਪ ਵਿਸ਼ਾ ਹੈ ਜਿਸ ਨੂੰ ਜਾਣਨ ਦੀ ਇੱਛਾ ਸਵਰਗ ਦੂਤ ਵੀ ਰੱਖਦੇ ਹਨ; ਇਹ ਮੁਕਤ ਹੋਏ ਮਨੁੱਖਾ ਦੇ ਸੰਗੀਤ ਅਤੇ ਵਗਿਆਨ ਦਾ ਸਰੋਤ ਨਿਰੰਤਰ ਅਤੇ ਸਦੀਵੀ, ਯੁੱਗਾਂ ਤੱਕ ਬਣਿਆ ਰਹੇਗਾ। ਕੀ ਇਸ ਵਿਸ਼ੇ ਤੇ ਪੂਰਣ ਧਿਆਨ ਦੇਣਾ ਅਤੇ ਵਿਚਾਰਨਾ ਜ਼ਰੂਰੀ ਨਹੀ? ਯਿਸੂ ਮਸੀਹ ਦੀ ਅਸੀਮ ਕਰੁਣਾ ਅਤੇ ਪ੍ਰੇਮ,ਸਾਡੇ ਲਈ ਦਿੱਤੀ ਗਈ ਕੁਰਬਾਨੀ, ਸਾਡੀ ਗੰਭੀਰ ਸ਼ਾਂਤ ਵਿਚਾਰਾਂ ਦੀ ਮੰਗ ਕਰਦੇ ਹਨ । ਸਾਨੂੰ ਆਪਣੇ ਪਿਆਰੇ ਮੁਕਤੀ ਦਾਤੇ ਅਤੇ ਪੰਚ ਦੇ ਚਰਿੱਤਰ ਵੱਲ ਧਿਆਨ ਮਾਰਨਾ ਚਾਹੀਦਾ ਹੈ । ਸਾਨੂੰ ਉਸਦੇ ਸੰਦੇਸ਼ ਉਦੇਸ਼ ਵਿੱਚ ਲਿਵਲੀਨ ਹੋਣਾ ਚਾਹੀਦਾ ਹੈ। ਜੋ ਆਪਣੇ ਮਨੁੱਖਾ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਉਂਣ ਆਇਆ ਸੀ। ਜਦੋਂ ਅਸੀਂ ਇਨ੍ਹਾਂ ਸਵਰਗੀ ਵਿਸ਼ਿਆਂ ਤੇ ਆਪਣਾ ਧਿਆਨ ਕੇਦ੍ਰਿਤ ਕਰਾਂਗੇ ਤਾਂ ਸਾਡਾ ਪ੍ਰੇਮ ਅਤੇ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਜਾਏਗਾ, ਸਾਡੀਆਂ ਆਰਦਾਸਾਂ ਪ੍ਰਮੇਸ਼ਵਰ ਨੂੰ ਹੋਰ ਵੀ ਵੱਧ ਮਨਜ਼ੂਰ ਹੋਣਗੀਆਂ ਕਿਉਂਕਿ ਉਹ ਵੱਧ ਤੋਂ ਵੱਧ ਪ੍ਰੇਮ ਅਤੇ ਵਿਸ਼ਵਾਸ ਨਾਲ ਹੋਣਗੀਆਂ । ਉਹ ਸੁੰਘੜਤਾ ਅਤੇ ਤੀਬਰਤਾ ਭਰਪੂਰ ਹੋਣਗੀਆਂ। ਐਸੇ ਮਨੁੱਖਾ ਦਾ ਯਿਸੂ ਮਸੀਹ ਤੇ ਨਿਰੰਤਰ ਭਰੋਸਾ ਬਣਿਆ ਰਹੇਗਾ ਅਤੇ ਉਹ ਪ੍ਰਤੀ ਦਿਨ ਉਸ ਜੀਵਨ ਸ਼ਕਤੀ ਦਾ ਅਨੁਭਵ ਕਰਨਗੇ ਜਿਸਦੇ ਦੁਆਰਾ ਪ੍ਰਮੇਸ਼ਵਰ ਦੀ ਸ਼ਰਣ ਆਉਣ ਵਾਲੇ ਦਾ ਪੂਰਣ ਰੂਪ ਵਿੱਚ ਉਧਾਰ ਹੋ ਸਕਦਾ ਹੈ। SC 106.1

ਜਦੋਂ ਅਸੀ ਇਕਾਗਰ ਚਿੱਤ ਹੋ ਕੇ ਮੁਕਤੀਦਾਤੇ ਦੀ ਸੰਪੂਰਨਤਾ ਦਾ ਧਿਆਨ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਤੀਬਰ ਇੱਛਾ ਉਤਪੰਨ ਹੁੰਦੀ ਹੈ ਕਿ ਅਸੀਂ ਵੀ ਸੰਪੂਰਣ ਤੌਰ ਤੇ ਬਦਲ ਕੇ ਉਸਦੇ ਪਵਿੱਤਰ ਆਕਾਰ ਵਿੱਚ ਨਵੇਂ ਬਣ ਜਾਈਏ । ਸਾਡੀ ਆਤਮਾਂ ਵਿੱਚ ਇੱਕ ਭੁੱਖ ਚਮਕੇਗੀ ਅਤੇ ਪਿਅਸ ਜਾਗ੍ਰਿਤ ਹੋਵੇਗੀ। ਉਸਦੀ ਤਰ੍ਹਾਂ ਹੀ ਬਣ ਜਾਣ ਦੀ ਜਿਸਦੀ ਅਸੀ ਆਰਾਧਨਾ ਕਰਦੇ ਹਾਂ । ਜਿਉਂ ਜਿਉਂ ਸਾਡੇ ਵਿਚਾਰ ਯਿਸੂ ਤੇ ਕੇਂਦ੍ਰਿਤ ਹੁੰਦੇ ਜਾਣਗੇ ਤਿਉਂ ਤਿਉਂ ਅਸੀਂ ਉਸਦੇ ਗੁਣ ਦੂਸਰਿਆਂ ਅੱਗੇ ਗਾਵਾਂਗੇ ਅਤੇ ਸਾਰੇ ਜਗਤ ਵਿੱਚ ਅਸੀ ਉਸ ਨੂੰ ਪ੍ਰਗਟ ਕਰਾਂਗੇ। SC 107.1

ਬਾਈਬਲ ਕੇਵਲ ਵਿਦਵਾਨ ਮਨੁੱਖਾ ਲਈ ਹੀ ਨਹੀਂ ਲਿਖੀ ਗਈ ,ਇਹ ਸਗੋਂ ਆਮ ਸਧਾਰਣ ਮਨੁੱਖਾਂ ਲਈ ਲਿਖੀ ਗਈ ਹੈ । ਇਸ ਵਿੱਚ ਮੁਕਤੀ ਲਈ ਜ਼ਰੂਰੀ ਅਤੇ ਮਹਾਨ ਸੱਚਾਈਆਂ ਸਿਖਰ ਦੁਪਿਹਰ ਵਾਂਗ ਦਰਸਾਈਆਂ ਗਈਆਂ ਹਨ; ਕੋਈ ਵੀ ਭੁੱਲ ਕੇ ਸੱਚਾਈ ਦੇ ਰਸਤੇ ਤੋਂ ਨਹੀਂ ਭਟਕੇਗਾ, ਕੇਵਲ ਉਹੋ ਜੋ ਪ੍ਰਮੇਸ਼ਵਰ ਦੀ ਸਪਸ਼ਟ ਰੂਪ ਵਿੱਚ ਦਿਖਾਈ ਗਈ ਰਾਹ ਛੱਡ ਕੇ ਆਪਣੇ ਵਿਚਾਰਾਂ ਨਾਲ ਬਣਾਈ ਗਈ ਰਾਹ ਤੇ ਚੱਲਣਗੇ। SC 107.2

ਸਾਨੂੰ ਪਵਿੱਤਰ ਸ਼ਾਸ਼ਤਰ ਬਾਰੇ ਕਿਸੇ ਮਨੁੱਖ ਦੀ ਨਿੱਜੀ ਵਿਆਖਿਆ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਸਗੋ਼ ਪ੍ਰਮੇਸ਼ਵਰ ਦੇ ਬਚਨਾਂ ਨੂੰ ਆਪ ਪੜ੍ਹਨਾਂ ਤੇ ਵਿਚਾਰਨਾ ਚਾਹੀਦਾ ਹੈ। ਜੇਕਰ ਅਸੀਂ ਦੂਸਰਿਆਂ ਦੇ ਵਿਚਾਰਾਂ ਦਾ ਆਸਰਾ ਲਵਾਂਗੇ ਤਾਂ ਸਾਡੀਆਂ ਸੋਚ ਸ਼ਕਤੀਆਂ ਹੀਣ ਅਤੇ ਸਾਡੀ ਯੋਗਤਾ ਸੌੜੀ ਹੋ ਜਾਏਗੀ। ਚੰਗੇਰੀਆਂ ਦਿਮਾਗੀ ਸ਼ਕਤੀਆਂ ਦੇ ਵਿਕਾਸ ਵਿੱਚ ਰੁਕਾਵਟ ਪੈ ਜਾਏਗੀ, ਜੇਕਰ ਉਨ੍ਹਾਂ ਨੂੰ ਧਿਆਨ ਦੇਣ ਯੋਗ ਵਿਸ਼ਿਆਂ ਤੇ ਕੇਂਦ੍ਰਿਤ ਕਰਕੇ ਚਾਲੂ ਨਾ ਰੱਖਿਆ ਜਾਏ ਤਾਂ ਪ੍ਰਮੇਸ਼ਵਰ ਦੇ ਬਚਨਾਂ ਦਾ ਡੂੰਘਾ ਤੱਤ ਸਮਝਣ ਦੀ ਯੋਗਤਾ ਉਨ੍ਹਾਂ ਵਿੱਚ ਖਤਮ ਹੋ ਜਾਏਗੀ । ਦਿਮਾਗੀ ਸ਼ਕਤੀ ਤਦ ਹੀ ਵਿਕਸਤ ਹੋਵੇਗੀ ਜੇਕਰ ਇਸ ਨੂੰ ਬਾਈਬਲ ਦੇ ਵਿਸ਼ਿਆਂ ਦਾ ਤੱਤ ਅਤੇ ਸ਼ਲੋਕਾਂ ਨਾਲ ਸ਼ਲੋਕਾਂ ਦੀ ਅਤੇ ਆਤਮਿਕ ਗੱਲਾਂ ਨਾਲ ਆਤਮਾਂ ਦੀ ਤੁਲਣਾ ਕਰਨ ਵਿੱਚ ਲੀਨ ਰੱਖਿਆ ਜਾਵੇ। SC 107.3

ਬੁੱਧੀ ਦੇ ਵਿਕਾਸ ਲਈ ਬਾਈਬਲ ਦੇ ਸ਼ਲੋਕਾਂ ਨੂੰ ਧਿਆਨ ਨਾਲ ਪੜ੍ਹਨ ਵਿਚਾਰਨ ਤੋਂ ਵਧਕੇ ਹੋਰ ਕੋਈ ਲਾਭਦਾਇਕ ਸਾਧਨ ਨਹੀ। ਹੋਰ ਕੋਈ ਵੀ ਪੁਸਤਕ ਜਾਂ ਗ੍ਰੰਥ ਐਸਾ ਸ਼ਕਤੀਸ਼ਾਲੀ ਨਹੀ਼ ਜੋ ਵਿਚਾਰਧਾਰਾ ਨੂੰ ਉੱਨਤ ਕਰਕੇ ਦਿਮਾਗੀ ਸ਼ਕਤੀਆਂ ਨੂੰ ਬਲਵੰਤ ਬਣਾਏ। ਜਿਵੇਂ ਕਿ ਬਾਈਬਲ ਦੀਆਂ ਵਿਸ਼ਾਲ ਅਤੇ ਚੰਗੇਰੀਆਂ ਠੋਸ ਸੱਚਾਈਆਂ ਕਰ ਸਕਦੀਆਂ ਹਨ। ਜੇਕਰ ਪ੍ਰਮੇਸ਼ਵਰ ਦੇ ਬਚਨਾਂ ਨੂੰ ਉਸੇ ਧਿਆਨ ਨਾਲ ਪੜ੍ਹਿਆ ਜਾਏ ਜਿਵੇਂ ਕਿ ਜ਼ਰੂਰੀ ਹੈ ਤਾਂ ਮਨੁੱਖਾਂ ਦੇ ਦਿਮਾਗਾਂ ਵਿੱਚ ਐਸੀ ਵਿਸ਼ਾਲਤਾ ,ਚਰਿੱਤਰ ਵਿੱਚ ਐਸਾ ਸਾਊਪੁਣਾ ਅਤੇ ਇਰਾਦਿਆਂ ਵਿੱਚ ਅਜਿਹੀ ਦ੍ਰਿੜਤਾ ਆ ਜਾਏ ਜਿਸਨੂੰ ਕਿ ਅੱਜ ਦੇ ਜ਼ਮਾਨੇ ਵਿੱਚ ਪ੍ਰਾਪਤ ਕਰਨਾ ਬਹੁਤ ਦੁਰਲੱਭ ਅਤੇ ਅਸੰਭਵ ਹੈ। SC 108.1

ਪ੍ਰੰਤੂ ਬਾਈਬਲ ਦੇ ਸ਼ਲੋਕਾਂ ਨੂੰ ਕੇਵਲ ਉੱਡਦੀ ਨਜ਼ਰ ਨਾਲ ਹੀ ਪੜ੍ਹ ਲੈਣ ਦਾ ਫਾਇਦਾ ਬਹੁਤ ਘੱਟ ਹੋਵੇਗਾ। ਇਸ ਤਰ੍ਹਾਂ ਭਾਵੇਂ ਤੁਸੀਂ ਸਾਰੀ ਬਾਈਬਲ ਨੂੰ ਆਦਿ ਤੋਂ ਅੰਤ ਤੱਕ ਪੜ੍ਹ ਲਵੋ ਤਾਂ ਵੀ ਤੁਸੀਂ ਇਸਦਾ ਸੁੰਦਰ ਚਮਤਕਾਰ ਆਤੇ ਡੂੰਘਾ ਰੱਹਸਮਈ ਮਤਲਬ ਨਹੀਂ ਸਮਝ ਸਕੋਂਗੇ। ਕਿਸੇ ਵਿਸ਼ੇਸ਼ ਅਤੇ ਦ੍ਰਿੜ ਇਰਾਦੇ ਤੋਂ ਬਿਨਾਂ ਅਧਿਆਏ ਮਗਰੋਂ ਅਧਿਆਏ ਬਾਈਬਲ ਪੜ੍ਹਦੇ ਜਾਣ ਨਾਲੋਂ ਕੇਵਲ ਇੱਕ ਵਾਕ ਦਾ ਅਧਿਐਨ ਕਰਦੇ ਜਾਣਾ, ਜਦ ਤੱਕ ਉਸਦਾ ਅਰਥ ਤੁਹਾਡੇ ਦਿਮਾਗ ਵਿੱਚ ਸਪਸ਼ਟ ਨਾ ਹੋ ਜਾਏ ਅਤੇ ਉਸਦਾ ਸੰਬੰਧ ਮੁਕਤੀ ਦੀ ਯੋਜਨਾਂ ਨਾਲ ਪ੍ਰਤੱਖ ਨਾਂ ਹੋ ਜਾਏ, ਜ਼ਿਆਦਾ ਲਾਭਦਾਇਕ ਅਤੇ ਕੀਮਤੀ ਹੈ । ਆਪਣੀ *ਬਾਈਬਲ ਆਪਣੇ ਕੋਲ ਰੱਖੋ । ਜਦੋਂ ਵੀ ਤੁਹਾਨੂੰ ਮੌਕਾ ਮਿਲੇ ਉਸ ਨੂੰ ਪੜ੍ਹੋ , ਵਿਚਾਰੋ ਅਤੇ ਇਸਦੀ ਸਿੱਖਿਆ ਨੂੰ ਮਨ ਵਿੱਚ ਵਸਾਉ । ਸੜਕ ਤੇ ਤੁਰਦੇ ਸਮੇਂ ਵੀ ਤੁਸੀਂ ਬਾਈਬਲ ਵਿੱਚੋ ਇੱਕ ਵਾਕ ਪੜ੍ਹ ਕੇ ਇਸ ਵਿੱਚ ਲਿਵਲੀਨ ਹੋ ਕੇ ਇਸ ਨੂੰ ਮਨ ਵਿੱਚ ਵਸਾ ਸਕਦੇ ਹੋਂ । SC 108.2

ਸੱਚੇ ਉਤਸ਼ਾਹ, ਧਿਆਨ, ਅਰਦਾਸ ਅਤੇ ਪ੍ਰਮੇਸ਼ਵਰ ਅੱਗੇ ਬੇਨਤੀ ਕਰਕੇ ਬਾਈਬਲ ਪੜ੍ਹਨ ਤੋਂ ਬਿਨਾਂ ਅਸੀਂ ਗਿਆਨ ਹਾਸਿਲ ਨਹੀ ਕਰ ਸਕਦੇ । ਸ਼ਾਸ਼ਤਰ ਦੇ ਕਈ ਭਾਗ ਐਸੇ ਸਰਲ ਹਨ ਕਿ ਸਮਝਣ ਵਿੱਚ ਗਲਤੀ ਨਹੀਂ ਹੋ ਸਕਦੀ, ਪ੍ਰੰਤੂ ਕਈ ਭਾਗ ਐਸੇ ਗਹਿਰੇ ਹਨ ਜੋ ਕੇਵਲ ਉਪਰੋਂ ਪੜ੍ਹ ਲੈਣ ਨਾਲ ਸਮਝ ਨਹੀਂ ਆਉਂਦੇ। ਹਰ ਵਾਕ ਦੀ ਦੂਸਰੇ ਵਾਕ ਨਾਲ ਤੁਲਣਾ ਕਰਨੀ ਚਾਹੀਦੀ ਹੈ। ਬਹੁਤ ਸਾਵਧਾਨੀ ਨਾਲ ਨਿਮ੍ਰਤਾ ਸਹਿਤ ਅਰਦਾਸ ਕਰਕੇ ਖੋਜ ਕਰਨੀ ਚਾਹੀਦੀ ਹੈ ; ਅਤੇ ਇਸ ਤਰਾਂ ਕੀਤਾ ਅਧਿਐਨ ਫਲਦਾਇਕ ਹੋਵੇਗਾ । ਜਿਵੇਂ ਖਾਣਾਂ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਧਰਤੀ ਦੀ ਤਹਿ ਹੇਠਾਂ ਛਿਪੀ ਕੀਮਤੀ ਧਾਤ ਦੀ ਨਸ ਲੱਭ ਲੈਂਦਾ ਹੈ , ਇਵੇਂ ਹੀ ਜੋ ਮਨੁੱਖ ਦ੍ਰਿੜਤਾ ਭਰੀ ਧੁਨ ਨਾਲ ਪ੍ਰਮੇਸ਼ਵਰ ਦੇ ਬਚਨਾਂ ਦੇ ਛਿਪੇ ਖਜ਼ਾਨੇ ਦੀ ਖੋਜ ਕਰਦਾ ਹੈ, ਉਹ ਸਚਾਈ ਦੇ ਅਨਮੋਲ ਖਜ਼ਾਨੇ ਨੂੰ ਲੱਭ ਲੈ਼ਦਾ ਹੈ , ਜੋ ਕਿ ਲਾਪਰਵਾਹ ਖੋਜੀ ਦੀ ਨਜ਼ਰ ਵਿੱਚ ਨਹੀ ਆ ਸਕਦੇ। ਜੋ ਪ੍ਰੇਰਨਾਂ ਦੇ ਸ਼ਬਦਾਂ ਦੀ ਵਿਚਾਰਧਾਰਾ ਮਨ ਵਿੱਚੋਂ ਵਹਿ ਤੁਰੇ ਤਾਂ ਉਹ ਜੀਵਨ ਦੇ ਚਸ਼ਮੇ ਵਿੱਚੋਂ ਵਗਦੀ ਨਦੀ ਦੇ ਸਮਾਨ ਬਣ ਜਾਂਦੀ ਹੈ। SC 109.1

ਬਾਈਬਲ ਕਦੀ ਵੀ ਅਰਦਾਸ ਤੋਂ ਬਿਨਾਂ ਨਹੀਂ ਪੜ੍ਹਨੀ ਚਾਹੀਦੀ। ਇਸਦੇ ਪੱਤਰਿਆਂ ਨੂੰ ਖ੍ਹੋਲਣ ਤੋਂ ਪਹਿਲਾਂ ਪ੍ਰਮੇਸ਼ਵਰ ਦੇ ਪਵਿੱਤਰ ਆਤਮਾ ਦੇ ਪ੍ਰਕਾਸ਼ ਲਈ ਬੇਨਤੀ ਕਰਨੀ ਚਾਹੀਦੀ ਹੈ ਅਤੇ ਇਹ ਸਾਨੂੰ ਦਿੱਤਾ ਜਾਏਗਾ। ਜਦੋਂ *ਨੈਥੇਨੀਅਲ ਯਿਸੂ ਮਸੀਹ ਕੋਲ ਆਇਆ ਤਾ ਮੁਕਤੀ ਦਾਤੇ ਨੇ ਪੁਕਾਰਿਆ, ” ਦੇਖੋ ਇਹ ਸੱਚਾ ਇਸਰਾਇਲੀ ਹੈ , ਇਸਦੇ ਵਿੱਚ ਕੱਪਟ ਨਹੀ। ” ਨੈਥੇਨੀਅਲ ਨੇ ਕਿਹਾ, “ਤੁਸੀ ਮੈਂਨੂੰ ਕਦੋਂ ਦੇ ਜਾਣਦੇ ਹੋਂ?” ਤਾਂ ਯਿਸੂ ਮਸੀਹ ਨੇ ਉੱਤਰ ਦਿੱਤਾ, “ਉਸ ਤੋਂ ਪਹਿਲਾ ਜਦੋਂ ਫਿਲਿਪਾਸ ਨੇ ਤੈਨੂੰ ਬੁਲਾਇਆ ਸੀ,ਜਦੋਂ ਤੂੰ ਅੰਜੀਰ ਦੇ ਦਰਖ਼ਤ ਹੇਠਾਂ ਸੁੱਤਾ ਸੈਂ,ਮੈਂ ਤੈਨੂੰ ਦੇਖਿਆ ਸੀ। ” (John) ਯੁਹ਼ਨਾਂ 1:47:48 । ਅਤੇ ਯਿਸੂ ਮਸੀਹ ਉਵੇਂ ਹੀ ਸਾਨੂੰ ਅਰਦਾਸ ਦੇ ਗੁਪਤ ਅਸਥਾਨਾਂ ਤੇ ਦੇਖੇਗਾ ਜਦੋਂ ਅਸੀਂ ਉਸ ਅੱਗੇ ਗਿਆਨ ਅਤੇ ਪ੍ਰਕਾਸ਼ ਲਈ ਅਰਜੋਈ ਕਰਾਂਗੇ ਕਿ ਸਾਨੂੰ ਸੱਚਾਈ ਦਾ ਮਾਰਗ ਮਿਲੇ। ਨੂਰੀ ਲੋਕ ਤੋਂ ਆ ਕੇ ਸਵਰਗ ਦੂਤ ਉਨ੍ਹਾਂ ਦਾ ਸਾਥ ਦੇਣਗੇ ਜੋ ਅਧੀਨਤਾ ਨਾਲ ਰੱਬੀ ਰਾਹਨੁਮਾਈ ਲਈ ਬੇਨਤੀ ਕਰਨਗੇ। SC 109.2

**ਪਵਿੱਤਰ ਆਤਮਾ ਮੁਕਤੀ ਦਾਤੇ ਦਾ ਸਨਮਾਨ ਕਰਦਾ ਹੈ। ਉਸਦਾ ਪਵਿੱਤਰ ਕੰਮ ਹੈ ਮਸੀਹ ਨੂੰ ਪ੍ਰਗਟ ਕਰਨਾ, ਉਸ ਦੀ ਧਾਰਮਿਕਤਾ ਦੀ ਪਵਿੱਤਰਤਾ ਅਤੇ ਉਸ ਮਹਾਨ ਮੁਕਤੀ ਨੂੰ ਜੋ ਉਸਦੇ ਦੁਆਰਾ ਸਾਨੂੰ ਮਿਲਦੀ ਹੈ। ਯਿਸੂ ਮਸੀਹ ਕਹਿੰਦੇ ਹਨ, “ਉਹ ਮੇਰੀ ਵਡਿਆਈ ਕਰੇਗਾ,ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। ” (John) ਯੂਹੰਨਾਂ 16:44 । ਕੇਵਲ ਸੱਚਾਈ ਦੀ ਸ਼ਕਤੀ ਹੀ ਰੱਬੀ ਸੱਚਾਈ ਸਿਖਾਉਣ ਲਈ ਸਾਡੀ ਪ੍ਰਭਾਵਸ਼ਾਲੀ ਉਸਤਾਦ ਹੈ । ਪ੍ਰਮੇਸ਼ਵਰ ਨੂੰ ਮਨੁੱਖ ਜਾਤੀ ਤੇ ਕਿੰਨੀ ਸ਼ਰਧਾ ਤੇ ਆਦਰ ਹੈ ਕਿ ਉਸਨੇ ਉਨ੍ਹਾਂ ਲਈ ਮਰਨ ਵਾਸਤੇ ਆਪਣਾ ਪੁੱਤਰ ਦੇ ਦਿੱਤਾ, ‘ਯਿਸੂ ਮਸੀਹ ’ ਅਤੇ ਆਪਣੀ ਆਤਮਿਕ ਸ਼ਕਤੀ ਮਨੁੱਖ ਦਾ ਉਸਤਾਦ ਅਤੇ ਰਾਹਨੁਮਾ ਬਣਾ ਦਿੱਤਾ। SC 110.1